Five Takht Sahibs
Five Takht Sahibs ?
The meaning of the word ‘Takht’ is a four-legged wooden seat or imperial throne; that is to say the royal seat of a monarch to issue imperial fiats. Quite a large number of such ‘Takhts’ came into their own in the world. Time has eroded them. The manner in which the word ‘Takht’ has been used in Gurmat conception is unique. The ‘Takht’ is not subject decay. Rather it is eternal . It is free from the limitations of time and place. Such a conception of the ‘Takht’ has been invested with empiricism by the Ten Gurus. This has become a proven fact that ‘Takht’ is not a totalization of the activities of the individual/individuals. Rather, it evidences impartiality, independence and sovereignty of the ways of the Guru Panth. Gurdwaras are a common heritage of one and all Sikhs. The ‘Takhts’ relate to Gursikhs only. All the ‘Five Takhts’ are a fountainhead of inspiration and a centre of enlightenment for the entire Khalsa Panth. Each ‘Hukum’ (commandment) is revered by a Gursikh. Bearing in mind the love and dedication of Gursikhs to the ‘Takhts’, the brief history regarding Takhts has been dedicated to them, this would mean that from a study of multi-coloured icons of the sacred ‘Takhts’ the reader may get a succinct historical information about them and feel inspired to visit them.Amrit Sanchar ceremonay at Sri Akal Takhat Sahib Sri Amritsar, Takhat Sri Keshgarh Sahib Sri Anandpur Sahib is organise on Every Sunday, Wednesday and all Historical days and Gurpurabs on 12 noon. Amrit Sanchar ceremonay at Takhat Sri Damdama Sahib, Talwandi Sabo (Bathinda) is organise on every Sunday, on Amavas & all Historical days & Gurpurbs on 12 noon.
1. ਸ੍ਰੀ ਅਕਾਲ ਤਖਤ ਸਾਹਿਬ
ਧੰਨ ਧੰਨ ਗੁਰੂ ਰਾਮ ਦਾਸ ਵੱਲੋਂ ਵਰਸੋਈ ਪਾਵਨ, ਪਵਿੱਤਰ, ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਦੀ ਧਰਤ ਸੁਹਾਵੀ ‘ਤੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਸਨਮੁਖ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ 1606 ਈ: ਵਿਚ ਸਿਰਜਤ, ਸੁਤੰਤਰ ਸਿੱਖ ਸੋਚ ਨੂੰ ਰੂਪਮਾਨ ਕਰਦੀ ਪ੍ਰਭੂਸੱਤਾ ਸੰਪੰਨ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਸੁਭਾਇਮਾਨ ਹੈ। ਵੱਡ ਯੋਧੇ ਬਹੁ ਪਰਉਪਕਾਰੀ ਸਤਿਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸਿਰਜਤ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸ਼ਕਤੀ ਦਾ ਸਿਰਮੌਰ ਕੇਂਦਰ ਹੈ, ਜਿਸਦੀ ਉਸਾਰੀ ਵਿੱਚ “ਕਿਸੀ ਰਾਜ ਨਹਿ ਹਾਥ ਲਗਾਇਉ-ਬੁਢੇ ਓ ਗੁਰਦਾਸ ਬਨਾਇਓ” ਦੇ ਪਾਵਨ ਵਾਕ ਅਨੁਸਾਰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਹੀ ਆਪਣੇ ਕਰ ਕਮਲਾਂ ਨਾਲ ਉਸਾਰੀ ਕੀਤੀ। ਰਾਜਨੀਤੀ ਤੇ ਧਰਮ, ਜਿਸਨੂੰ ਸਿੱਖ ਸ਼ਬਦਾਵਲੀ ਵਿੱਚ ਮੀਰੀ-ਪੀਰੀ, ਭਗਤੀ-ਸ਼ਕਤੀ ਦਾ ਨਾਮ ਦਿੱਤਾ ਗਿਆ ਹੈ, ਦੇ ਦੈਵੀ ਸੁਮੇਲ ਦਾ ਪ੍ਰਤੀਕ ਹੈ ਸ੍ਰੀ ਅਕਾਲ ਤਖ਼ਤ ਸਾਹਿਬ। ਸ੍ਰੀ ਅਕਾਲ ਤਖ਼ਤ ਸਾਹਿਬ ਮਨੁੱਖੀ ਸਵੈਮਾਣ ਤੇ ਅਜ਼ਾਦੀ ਦੇ ਮੌਲਿਕ ਗੁਰਮਤਿ ਵਿਚਾਰਾਂ ਅਤੇ ਨਿਰੈਭਤਾ ਦਾ ਜਜ਼ਬਾ ਲੋਕਾਈ ਵਿਚ ਉਜਾਗਰ ਕਰਨ ਲਈ ‘ਹਰਿ ਸਚੇ’ ਨੇ ਇਹ ਦੈਵੀ ਸੱਚੇ ਤਖ਼ਤ ਦੀ ਸਥਾਪਨਾ ਕੀਤੀ ਤਾਂ ਜੋ ਕੋਈ ਮਨੁੱਖ ਕਿਸੇ ਮਨੁੱਖ ਨੂੰ, ਕੋਈ ਜਾਤ ਕਿਸੇ ਜਾਤ ਨੂੰ, ਕੋਈ ਮਜ਼ਹਬ ਕਿਸੇ ਮਜ਼ਹਬ ਨੂੰ, ਕੋਈ ਦੇਸ਼ ਕਿਸੇ ਦੇਸ਼ ਨੂੰ ਆਪਣਾ ਦੁਬੇਲ ਨਾ ਬਣਾ ਸਕੇ ਅਤੇ ਹਰੇਕ ਨੂੰ ਆਪਣੀ ਵਿਚਾਰਧਾਰਾ ਅਨੁਸਾਰ ਜੀਵਨ ਜੀਉਣ ਦਾ ਹੱਕ ਸੁਤੰਤਰ ਬਣਾਇਆ ਜਾ ਸਕੇ। ਇਸ ਪਾਵਨ ਸਥਾਨ ਤੋਂ ਗੁਰਸਿੱਖਾਂ ਨੂੰ ਸ਼ਸਤਰ ਬੱਧ ਹੋਣ, ਗੁਰੂ ਦਰਬਾਰ ਵਿਚ ਵਧੀਆ ਸ਼ਸਤਰ ਤੇ ਜੁਆਨੀਆਂ ਭੇਂਟ ਕਰਨ ਦਾ ਪਹਲਿਾ ਹੁਕਮਨਾਮਾ ਜਾਰੀ ਹੋਇਆ, ਸੰਧਿਆ ਸਮੇਂ ਬੀਰਰਸੀ ਵਾਰਾਂ ਦਾ ਗਇਨ ਕਰਵਾਇਆ ਜਾਂਦਾ ਤਾਂ ਜੋ ਕੌਮ ਵਿਚ ਜਬਰ-ਜ਼ੁਲਮ ਦੇ ਵਿਰੁੱਧ ਲੜਨ ਲਈ ਜੋਸ਼ ਪੈਦਾ ਹੋ ਸਕੇ। ਸਿੱਖ, ਮੁਗਲ ਅਤੇ ਅਫਗਾਨ ਸੰਘਰਸ਼ ਕਾਲ ਦੌਰਾਨ ਗੁਰਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੇਰਨਾ, ਉਤਸ਼ਾਹ ਅਤੇ ਅਗਵਾਈ ਪ੍ਰਾਪਤ ਕਰਦੇ ਰਹੇ। ਹੰਨੇ-ਹੰਨੇ ਦੀ ਮੀਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਹਮੇਸ਼ਾ ਇੱਕਸੁਰਤਾ ਅਤੇ ਇੱਕਸਾਰਤਾ ਬਖਸ਼ੀ। ਇਤਿਹਾਸ ਸਾਖੀ ਹੈ ਕਿ ਉਪਰੋਕਤ ਮੰਤਵਾਂ ਦੀ ਪੂਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਆਰੰਭ ਹੋਈ ਜਦੋ ਜਹਿਦ ਨਿਰੰਤਰ ਜਾਰੀ ਹੈ। ਜਦੋਂ ਜਦੋਂ ਵੀ ਮਨੁੱਖੀ ਅਜ਼ਾਦੀ ਤੇ ਸਵੈ-ਮਾਣ ਖਤਰੇ ਵਿੱਚ ਪਏ ਤਾਂ ਸੱਚੇ ਧਰਮ ਦਾ ਜ਼ਜ਼ਬਾ ਲੈ ਕੇ ਉਸਦੀ ਰਾਖੀ ਲਈ ‘ਗੁਰੂ ਕੇ ਸਿੱਖਾਂ’ ਨੇ ਸਦਾ ਪ੍ਰੇਰਣਾ-ਅਗਵਾਈ ਇਥੋਂ ਪ੍ਰਾਪਤ ਕੀਤੀ। ‘ਖ਼ਾਲਸਾ ਜੀ ਕੇ ਬੋਲਬਾਲੇ ਤੇ ਰਾਜ ਕਰੇਗਾ ਖਾਲਸਾ’ ਦੇ ਬੋਲਿਆਂ ਦੀ ਗੂੰਜ ਵੀ ਇਥੋਂ ਹੀ ਪੈਂਦੀ ਹੈ। ਸਮੇਂ ਦੀਆਂ ਸਰਕਾਰਾਂ ਇਸ ਅਵਾਜ਼ ਤੋਂ ਹਮੇਸ਼ਾਂ ਡਰਦੀਆਂ ਤੇ ਤ੍ਰੱਬਕਦੀਆਂ ਰਹੀਆਂ। ਇਸੇ ਕਰਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ, ਆਦਰਸ਼ਾਂ, ਜਜ਼ਬਿਆਂ ਨੂੰ ਕੁਚਲਣ ਲਈ ਹਰ ਹਰਬਾ ਵਰਤਿਆ ਗਿਆ ਪਰ ਸਮੇਂ ਦੀਆਂ ਸਰਕਾਰਾਂ ਮਿਟ ਜਾਂਦੀਆਂ ਰਹੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੇਸਰੀ ਪਰਚਮ ਝੂਲਦੇ ਰਹੇ। , 84 ਦੇ ਘੱਲੂਘਾਰੇ ਦੌਰਾਨ ਸਮੇਂ ਦੀ ਜਾਬਰ ਸਰਕਾਰ ਨੇ ਇਸ ਪਵਨ ਅਸਥਾਨ ਦੀ ਪਾਵਨ ਪਵਿੱਤਰ ਇਤਿਹਾਸਿਕ ਇਮਾਰਤ ਨੂੰ ਬੁਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ, ਤਾਂ ਕਿ ਸੁਤੰਤਰ ਸਿੱਖ ਸੋਚ ਦੇ ਪ੍ਰੇਰਨਾ ਸਰੋਤ ਦੀ ਹੋਂਦ ਹਸਤੀ ਖਤਮ ਹੋ ਸਕੇ। ਹਮਲਾਵਰਾਂ ਦੀ ਹੋਂਦ ਹਸਤੀ ਤਾਂ ਖਤਮ ਹੋ ਗਈ ਪਰ ਭਗਤੀ-ਸ਼ਕਤੀ ਦਾ ਕੇਂਦਰੀ ਅਸਥਾਨ ਹਮੇਸ਼ਾਂ ਗੁਰਸਿੱਖਾਂ ਲਈ ਪ੍ਰੇਰਨਾ, ਸ਼ਕਤੀ ਤੇ ਉਤਸ਼ਾਹ ਪ੍ਰਾਪਤ ਕਰਦਾ ਰਹੇਗਾ। ‘ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ’ ਅਤੇ ਪੰਥ ਦੀ ਚੜ੍ਹਦੀ ਕਲਾ, ਹਰ ਰੋਜ਼ ਹਰ ਗੁਰਸਿੱਖ ਮੰਗਦਾ ਹੈ। ਉਸ ਦਾ ਜ਼ਾਮਨ ਵੀ ਸ੍ਰੀ ਅਕਾਲ ਤਖ਼ਤ ਹੀ ਹੈ। ਇਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹਰ ਹੁਕਮ ਨੂੰ ਰਾਜਾ-ਰੰਕ, ਅਮੀਰ-ਗਰੀਬ, ਹਰ ਗੁਰਸਿੱਖ, ਗੁਰੂ-ਪੰਥ ਦਾ ਹੁਕਮ ਜਾਣ ਸੀਸ ਝੁਕਾ, ਪ੍ਰਵਾਨ ਚੜ੍ਹਾਉਂਦਾ ਹੋਇਆ, ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ।
2. ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ
ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਨੂੰ ਦਸਮ-ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਸਥਾਨ ਹੋਣ ਦਾ ਮਾਣ ਤੇ ਸਤਿਕਾਰ ਪ੍ਰਾਪਤ ਹੈ। ਇਸ ਪਾਵਨ ਧਰਤ ਨੂੰ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਚਰਨ-ਛੋਹ ਪ੍ਰਾਪਤ ਹੈ। ਸੂਰਬੀਰਤਾ-ਨਿਰਭੈਤਾ ਪ੍ਰਦਾਨ ਕਰਨ ਵਾਲਾ ਹੁਕਮ ਇਥੋਂ ਹੀ ਸੰਗਤਾਂ ਦੇ ਨਾਮ ਜਾਰੀ ਹੋਇਆ, ਜਿਸ ਵਿੱਚ ਨੌਵੇ ਸਤਿਗੁਰੂ ਜੀ ਨੇ ਫਰਮਾਇਆ- ਜੋ ਗੋਬਿੰਦ ਕੀਆ ਠੀਕ ਕੀਆ- ਤਹੀ ਪ੍ਰਕਾਸ਼ ਹਮਾਰਾ ਭਯੋ, ਪਟਨਾ ਸਾਹਿਬ ਵਿਖੇ ਭਵ ਲਯੋ। ਦੇ ਪਾਵਨ ਵਾਕ ਅਨੁਸਾਰ ਗੁਰੂ ਗੋਬਿੰਦ ੰਿਸੰਘ ਜੀ ਦਾ ਪ੍ਰਕਾਸ਼ ਇਸ ਪਾਵਨ ਧਰਤ ‘ਤੇ ਹੀ ਹੋਇਆ। ਗੁਰਦੇਵ ਪਿਤਾ ਗੁਰੁੂ ਗੋਬਿੰਦ ਸਿੰਘ ਜੀ ਇਥੇ ਬਾਲ ਲੀਲ੍ਹਾ ਰਚ, ਫਿਰ ਇਥੋਂ ਚੱਲ ਅਨੰਦਪੁਰ ਸਾਹਿਬ ਦੇ ਪਾਵਨ ਅਸਥਾਨ ‘ਤੇ ਪਹੁੰਚੇ। ਪੂਰਬ ਵਿੱਚ ਸਿੱਖੀ ਪ੍ਰਚਾਰ ਦਾ ਧੁਰਾ ਪਟਨਾ ਸਾਹਿਬ ਗੁਰੂ ਪੰਥ ਵੱਲੋਂ ਪ੍ਰਵਾਣਿਤ ਤੇ ਸਵੀਕਾਰਤਿ ਦੂਸਰਾ ਤਖ਼ਤ ਹੈ । ਤਖ਼ਤ ਸਾਹਿਬ ਦੀ ਪਾਵਨ ਇਮਾਰਤ ਦੀ ਸੇਵਾ ਪਹਿਲਾਂ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ, ਜੋ ਭੂਚਾਲ ਨਾਲ ਨਸ਼ਟ ਹੋਣ ਕਰਕੇ, ਸੰਗਤਾਂ ਦੇ ਸਹਿਯੋਗ ਨਾਲ ਵਰਤਮਾਨ ਇਮਾਰਤ ਦੇ ਰੂਪ ਵਿਚ ਸੁਭਾਇਮਾਨ ਹੈ। ਗੁਰਦੁਆਰਾ ਗੋਬਿੰਦ ਬਾਗ, ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ, ਖੂਹ ਮਾਤਾ ਗੁਜਰੀ ਜੀ, ਗੁਰਦੁਆਰਾ ਗਊ ਘਾਟ, ਗੁਰਦੁਆਰਾ ਹਾਂਡੀ ਸਾਹਿਬ ਆਦਿ ਇਤਿਹਾਸਕ ਸਥਾਨ ਦਰਸ਼ਨ ਕਰਨਯੋਗ ਹਨ।
3. ਤਖ਼ਤ ਸ੍ਰੀ ਹਜ਼ੂਰ ਸਾਹਿਬ, ਅਬਿਚਲ ਨਗਰ, ਨੰਦੇੜ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਆਖਰੀ ਚੋਜ਼ਾਂ ਦੀ ਯਾਦ ਵਿਚ ਸੁਭਾਇਮਾਨ ਹੈ। ਪੰਥ ਪ੍ਰਕਾਸ਼ ਕਰਨ ਲਈ ਹਜ਼ੂਰ ਨੇ ਜਿਹੜਾ ਜੀਵਨ ਸਫ਼ਰ ਪੂਰਬ ਵਿੱਚ ਪਟਨੇ ਦੀ ਪਾਵਨ ਧਰਤ ਤੋਂ ਆਰੰਭ ਕੀਤਾ, ਫਿਰ ਪੰਜਾਬ ਜਿਸ ਦੀ ਕਰਮ ਭੂਮੀ ਰਿਹਾ, ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਉਸਦੀ ਹੀ ਸੰਪੂਰਨਤਾ ਸੀ। ਜਿਥੇ ‘ਸੂਰਜ ਕਿਰਣਿ ਮਿਲੇ- ਜਲ ਕਾ ਜਲੁ ਹੂਆ ਰਾਮ’ ਦੇ ਮਹਾਂਵਾਕ ਅਨੁਸਾਰ ਗੁਰੂ ਜੀ ਜੋਤੀ ਜੋਤਿ ਸਮਾ ਗਏ। ਇਥੇ ਹੀ ਹਰ ਮਨੁੱਖ ਨੂੰ ਹਰ ਸਮੇਂ ਸਤਿਗੁਰੂ ਦੀ ਅਗਵਾਈ ਦੀ ਲੋੜ ਤੇ ਜਾਚਨਾ ਦੀ ਪੂਰਤੀ ਲਈ ਜਾਗਤ ਜੋਤਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ-ਗੱਦੀ ‘ਤੇ ਬਿਰਾਜ਼ਮਾਨ ਕਰ ‘ਸ਼ਬਦ-ਗੁਰੂ’ ਦਾ ਪ੍ਰਕਾਸ਼ ਹਮੇਸ਼ਾ ਹਮੇਸ਼ਾ ਲਈ ਕਰ ਦਿੱਤਾ। ਜਿਸ ਦੀ ਰੋਸ਼ਨੀ ਵਿੱਚ ਸਰੀਰਾਂ, ਬੁੱਤਾਂ ਤੇ ਮੂਰਤੀਆਂ ਦੀ ਭਟਕਣਾ ਖ਼ਤਮ ਹੋਈ। ਅਜ਼ਾਦੀ ਦੀ ਜਦੋ ਜਹਿਦ ਨੂੰ ਨਿਰੰਤਰ ਜਾਰੀ ਰੱਖਣ ਲਈ ਵਿਰੱਕਤ ਤੇ ਵੈਰਾਗੀ ਮਾਧੋ ਦਾਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾ ਜਬਰ/ਜ਼ੁਲਮ ਦੇ ਖਾਤਮੇ ਤੇ ਜ਼ਾਲਮਾਂ ਨੂੰ ਸੋਧਣ ਲਈ ਇਥੋਂ ਹੀ ਪੰਜਾਬ ਨੂੰ ਤੋਰਿਆ। ਗੁ: ਨਗੀਨਾ ਘਾਟ, ਗੁ: ਹੀਰਾ ਘਾਟ, ਗੁ: ਬੰਦਾ ਘਾਟ, ਗੁ: ਸ਼ਿਕਾਰ ਘਾਟ, ਗੁ: ਮਾਲ ਟੇਕਰੀ, ਗੁ: ਸੰਗਤ ਸਾਹਿਬ, ਗੁ: ਮਾਤਾ ਸਾਹਿਬ ਕੌਰ ਆਦਿ ਪਾਵਨ ਅਸਥਾਨ ਸਤਿਗੁਰੂ ਦੇ ਪਾਵਨ ਕਰਤਵਾਂ ਦੀ ਯਾਦ ਵਿੱਚ ਸੁਭਾਇਮਾਨ ਹਨ।
4. ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਜਨਮ-ਭੂਮੀ ਹੈ, ਜੋ ਸ਼ਿਵਾਲਕ ਦੀਆਂ ਪਹਾੜੀਆਂ ਦੇ ਦਾਮਨ ਹੇਠ ਅਤੇ ਦਰਿਆ ਸਤਲੁਜ ਕਿਨਾਰੇ ਸ਼ੁਭਾਇਮਾਨ ਹੈ। ਇਸ ਪਾਵਨ ਸਥਾਨ ਤੋਂ ਜਦ ਰਣਜੀਤ ਨਗਾਰੇ ‘ਤੇ ਚੋਟ ਲੱਗਦੀ ਤਾਂ ਜ਼ਾਬਰ ਤੇ ਜ਼ਾਲਮ ਡਰਦੇ ਤੇ ਸਾਧਾਰਣ ਲੋਕਾਈ ਆਪਣਾ ਰਾਖਾ ਜਾਣ ਸੀਸ ਝੁਕਾਉਂਦੀ। ਮਨੁੱਖਤਾ ਦੇ ਇਤਿਹਾਸ ਵਿੱਚ ਨੀਚੋਂ ਊਚ ਕਰਨ ਦੀ ਕਰਾਮਾਤ ਤੇ ਆਪੇ ਗੁਰ-ਚੇਲੇ ਦਾ ਅਲੌਕਿਕ ਤੇ ਦੈਵੀ ਵਰਤਾਰਾ ਵੀ ਇਥੇ ਹੀ ਵਾਪਰਿਆ। ਮਾਖੋਵਾਲ ਦੀ ਧਰਤ ਨੂੰ ਖ੍ਰੀਦ ਕਰਕੇ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ‘ਚੱਕ ਨਾਨਕੀ’ ਨਾਮ ਰੱਖਿਆ ਜੋ ਪਿਛੋਂ ‘ਅਨੰਦਪੁਰ ਸਾਹਿਬ’ ਦੇ ਨਾਮ ਨਾਲ ਪ੍ਰਸਿੱਧ ਹੋਇਆ। ਜਦ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਸੀਸ ਲੈ ਭਾਈ ਜੈਤਾ ਪੁੱਜਿਆ ਤਾਂ ਸਤਿਗੁਰੂ ਜੀ ਨੇ ਸੁਭਾਵਿਕ ਉਚਾਰਿਆ- ਇਹ ਬਿਧ ਕੋ ਪੰਥ ਬਨਾਓ….। ਇਥੇ ਹੀ ਪੰਜਾਂ ਪਿਆਰਿਆਂ ਸੀਸ ਭੇਂਟ ਕਰ, ਪ੍ਰੇਮ ਦੀ ਖੇਡ ਖੇਡੀ ਤੇ ਫਿਰ ਆਪ ਸਤਿਗੁਰੂ ਜੀ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰ ਖ਼ਾਲਸੇ ਨੂੰ ਬਖਸ਼ਿਸ਼ਾਂ ਕੀਤੀਆਂ:
ਖ਼ਾਲਸਾ ਮੇਰੋ ਰੂਪ ਹੈ ਖ਼ਾਸ।ਖ਼ਾਲਸਹ ਮਹਿ ਹਉਂ ਕਰਹੁੰ ਨਿਵਾਸ।…
ਖ਼ਾਲਸਾ ਮੇਰੋ ਸਤਿਗੁਰੁ ਪੂਰਾ।
ਇਸ ਅਸਥਾਨ ਤੋਂ ਹੀ ਹਿੰਦੁਸਤਾਨ ਦੀ ਆਜ਼ਾਦੀ ਲਈ ਫੈਸਲਾ-ਕੁੰਨ ਜਦੋ-ਜਹਿਦ ਆਰੰਭ ਹੋਈ, ਜਿਸ ਵਿੱਚ ਗੁਰੂ ਪਾਤਸ਼ਾਹ ਨੇ ਆਪਣਾ ਸਰਬੰਸ ਵਾਰ ਦਿੱਤਾ ਤੇ ਤਦ ਤਕ ਜਾਰੀ ਰਹੀ, ਜਦ ਤਕ ਸ਼ਾਹੀ ਕਿਲ੍ਹੇ ਲਾਹੌਰ ‘ਤੇ ਕੇਸਰੀ ਪਰਚਮ ਨਾ ਝੁਲਾ ਦਿੱਤਾ। ਕਿਤਨਾ ਪਿਆਰ ਹੈ ਇਸ ਪਾਵਨ ਅਸਥਾਨ ਨਾਲ ਖ਼ਾਲਸਾ ਪੰਥ ਦਾ ਕਿ ਹਰ ਗੁਰਸਿੱਖ ਆਪਣੇ ਆਪ ਨੂੰ ਅਨੰਦਪੁਰੀ ਦਾ ਵਾਸੀ ਅਖਵਾ ਮਾਣ ਮਹਿਸੂਸ ਕਰਦਾ ਹੈ।
5. ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰੂ ਕਾਂਸ਼ੀ, ਸਾਬੋ ਕੀ ਤਲਵੰਡੀ
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ, ਚਮਕੌਰ ਸਾਹਿਬ ਤੇ ਮੁਕਤਸਰ ਦੇ ਧਰਮ ਯੁੱਧਾਂ ਉਪਰੰਤ ਗੁਰੂ ਕਾਂਸ਼ੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਨੂੰ ਪਹਿਲੀ ਵਾਰ 1705 ਈ: ਨੂੰ ਆਪਣੀ ਚਰਨ-ਛੋਹ ਬਖਸ਼ਿਸ਼ ਕਰ, ਪਵਿੱਤਰ ਕੀਤਾ। ਗੁਰੂ ਸਾਹਿਬ ਜੀ ਨੇ ਜਿਸ ਜਗ੍ਹਾ ਪਹਿਲੀ ਵਾਰ ਆ ਕੇ ਕਮਰ-ਕੱਸਾ ਖੋਲ੍ਹਿਆ ਤੇ ਦਮ ਲਿਆ, ਉਹੀ ਜਗ੍ਹਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਈ। ਇਸ ਪਾਵਨ ਸਥਾਨ ‘ਤੇ ਹੀ ਚੌਧਰੀ ਡੱਲੇ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਸਿੰਘ ਸਜਾਇਆ। ਦੱਖਣ ਦੀ ਯਾਤਰਾ ਤੋਂ ਪਹਿਲਾਂ ਇਸ ਪਾਵਨ ਅਸਥਾਨ ‘ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਦਰਜ਼ ਕਰ, ਪਾਵਨ ਸਰੂਪ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾ ਮੁਕੰਮਲ ਕੀਤਾ। ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਦੇਖ-ਰੇਖ ਹੇਠ ਗੁਰਬਾਣੀ ਪੜ੍ਹਨ-ਪੜ੍ਹਾਉਣ, ਲਿਖਣ ਅਤੇ ਅਰਥ ਸੰਚਾਰ ਕਰਾਉਣ ਲਈ ਟਕਸਾਲ ਆਰੰਭ ਕਰਵਾਈ ਅਤੇ ਬਾਬਾ ਦੀਪ ਸਿੰਘ ਜੀ ਨੂੰ ਇਸ ਸਥਾਨ ਦਾ ਮੁੱਖ ਸੇਵਾਦਾਰ ਨਿਯਤ ਕੀਤਾ। 1960 ਈ: ਵਿੱਚ ਇਸ ਪਾਵਨ ਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁ:ਪ੍ਰ:ਕਮੇਟੀ ਪਾਸ ਆਇਆ ਤਾਂ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਨੂੰ ਜਥੇਦਾਰ ਥਾਪਿਆ ਗਿਆ। ਇਸ ਪਾਵਨ ਤਖ਼ਤ ਨੇ ਭਾਈ ਕਾਨ੍ਹ ਸਿੰਘ ਜੀ ਨਾਭਾ ਦੀ ਕਿਰਤ “ਹਮ ਹਿੰਦੂ ਨਹੀਂ” ਸਬੰਧੀ ਛਿੜਿਆ ਵਿਵਾਦ ਖ਼ਤਮ ਕੀਤਾ। ਇਸ ਪਾਵਨ ਤਖ਼ਤ ਦੇ ਨਜਦੀਕ ਹੀ ਗੁ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਗੁ: ਨਾਨਕਸਰ ਸਾਹਿਬ, ਗੁ: ਮੰਜੀ ਸਾਹਿਬ, ਗੁ: ਲਿਖਣਸਰ ਸਾਹਿਬ, ਗੁ: ਜੰਡ ਸਾਹਿਬ, ਬੁਰਜ ਬਾਬਾ ਦੀਪ ਸਿੰਘ ਜੀ ਆਦਿ ਸਥਾਨ ਦਰਸ਼ਨ-ਯੋਗ ਹਨ।